ਪੰਜ ਦਿਸ਼ਾਵਾਂ ਵੱਲ ਭੱਜਦਾ ਮਨ ਆਪਣੇ ਘਰ ਮੁੜੇ

ਅੱਜ ਜਦ ਸਿੱਖਾਂ ਦਾ ਇਕ ਹਿੱਸਾ, ਸਿੱਖੀ ਦੀ ਆਧੁਨਿਕਤਾ ਅਧੀਨ ਵਿਆਖਿਆ ਕਰਦਾ ਹੋਇਆ ਐਨਾ ਅੱਗੇ ਨਿਕਲ ਗਿਆ ਹੈ, ਜਿੱਥੇ ਸਿੱਖੀ ਦੀ ਸਰਵਉੱਚ ਅਵਸਥਾ ਨੂੰ ਪੱਛਮੀ ਆਧੁਨਿਕ ਸਿਸਟਮ ਨਾਲ ਮੁਕਾਬਲ ਕਰਕੇ ਪੱਛਮ ਦੀ ਧਿਰ ਬਣ ਵਿਚਰਨ ਲਗਦਾ ਹੈ । ਤਦ ਇਸ ਤਰਾਂ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ‘ਚ ਇਕਾਗਰ ਚਿਤ ਬੈਠੇ ਵਿਦੇਸ਼ੀ ਜੋੜੇ ਨੂੰ ਵੇਖ ਕੇ ਸਵਾਲ ਖੜ੍ਹਾ ਹੁੰਦਾ ਹੈ ਕਿ ਐਸਾ ਕੀ ਹੈ ਜੋ ਇਹਨਾਂ ਨੂੰ ਆਪਣੀ ਪੱਛਮੀ ਸਭਿਅਤਾ ਚ ਨਹੀਂ ਮਿਲਿਆ।
ਪਦਾਰਥ ਦੀ ਬਹੁਲਤਾ ਦੀ ਸਿਖਰ ਹਾਸਿਲ ਕਰਨ ਬਾਅਦ, ਸ਼ਖਸੀ ਆਜ਼ਾਦੀ ਦੀ ਹਰ ਖੁੱਲ੍ਹ ਮਿਲਣ ਬਾਅਦ, ਸਮਾਜਿਕ, ਆਰਥਿਕ, ਵਿਦਿਅਕ ਸਿਸਟਮ ਦੀ ਦੁਨੀਆ ਚ ਝੰਡੀ ਹੋਣ ਬਾਅਦ ਵੀ ਐਸੀ ਕੀ ਕਮੀ ਹੈ ਜੋ steve jobs ਵਰਗਿਆਂ ਨੂੰ ਪੂਰਬ ਵੱਲ ਕੁਝ ਗਵਾਚਿਆ ਲੱਭਣ ਲਈ ਤੋਰ ਦਿੰਦੀ ਹੈ।
ਸ਼ਾਇਦ ਉੱਤਰ ਲੱਭਣ ਜਾਵਾਂਗੇ ਤਾਂ ਪਤਾ ਚੱਲੇਗਾ ਕਿ ਉਹਨਾਂ ਕੋਲ ਮਨ ਦੀ ਸ਼ਾਂਤੀ ਨਹੀਂ ਹੈ। ਉਹ ਇਕ ਐਸਾ ਤਵਾਜਨ ਲੱਭ ਰਹੇ ਹਨ ਜਿੱਥੇ ਟਿਕਾਅ ਤੇ ਸੰਤੋਖ ਹਾਸਿਲ ਹੋ ਸਕੇ। ਮਨ ਦੀ ਅਮੁੱਕ ਦੌੜ ਨੂੰ ਰੋਕ ਲੱਗੇ। ਪੰਜ ਦਿਸ਼ਾਵਾਂ ਵੱਲ ਭੱਜਦਾ ਮਨ ਆਪਣੇ ਘਰ ਮੁੜੇ।
ਕੁਝ ਐਸੇ ਹੀ ਅਨੰਦ ਦੀ ਭਾਲ ਚ ਇਹ ਜੋੜਾ ਦਰਬਾਰ ਸਾਹਿਬ ਦੀ ਪਰਕਰਮਾ ਚ ਪੂਰੀ ਇਕਾਗਰਤਾ ਨਾਲ ਸ਼ਬਦ ਕੀਰਤਨ ਨਾਲ ਸਾਂਝ ਪਾ ਰਿਹਾ ਹੈ। ਤੇ ਸ਼ਾਇਦ ਸਾਨੂੰ ਵੀ ਸੁਨੇਹਾ ਦੇ ਰਹੀ ਹੈ ਕਿ ਅਸੀਂ ਆਪਣੇ ਵਿਰਸੇ ਦੇ ਖਜ਼ਾਨੇ ਨੂੰ ਪਹਿਚਾਨੀਏ ਤੇ ਉਹਨਾਂ ਰਾਹਾਂ ਤੇ ਤੁਰੀਏ।
ਇਹ ਤਸਵੀਰ ਉਦੋਂ ਖਿੱਚੀ ਗਈ ਜਦੋਂ tiktok ਵਾਲਿਆਂ ਦੀ ਮਿਹਰਬਾਨੀ ਸਦਕਾ ਦਰਬਾਰ ਸਾਹਿਬ ‘ਚ ਤਸਵੀਰ ਖਿੱਚਣ ਦੀ ਮਨਾਹੀ ਹੈ ।

Leave a Reply

Your email address will not be published. Required fields are marked *