ਮਾਰਨ ਨੂੰ ਤਾਂ ਬਥੇਰੀਆਂ ਤੜਾਂ ਨੇ ਪਰ ਤੁਹਾਡੀ ਪਛਾਣ ਤੁਹਾਡੀਆਂ ਜੜ੍ਹਾਂ ਨੇ

0
137

ਕੀ ਤੁਸੀਂ ਇਲਹਾਨ ਉਮਰ ਨੂੰ ਜਾਣਦੇ ਹੋ ? ਇਲਹਾਨ ਸੋਮਾਲੀਆ ਮੂਲ ਦੀ ਮੁਸਲਮਾਨ ਕੁੜੀ ਏ ਅਤੇ 1995 ਵਿੱਚ ਸੋਮਾਲੀਆ ‘ਚ ਘਰੇਲੂ ਜੰਗ ਲੱਗਣ ਤੋਂ ਬਾਅਦ ਰਫਿਊਜੀ ਬਣ ਅਮਰੀਕਾ ਆ ਗਈ। ਉਸ ਦਾ ਪਿਉ ਡਰਾਈਵਰੀ ਕਰਨ ਲੱਗਾ। ਇਲਹਾਨ ਦੇ ਸਫਰ ‘ਚ ਇਕ ਗੱਲ ਜੋ ਤੁਸੀਂ ਨੋਟ ਕਰਦੇ ਹੋ, ਉਹ ਹੈ ਉਸ ਦਾ ਮੂਲ ਪਹਿਰਾਵਾ, ਜੋ ਉਸ ਨੇ ਕਦੀ ਨਹੀਂ ਛੱਡਿਆ। ਉਸ ਨੇ ਨਸਲਵਾਦ ਦਾ ਸਾਹਮਣਾ ਕੀਤਾ। ਪਰ ਪਹਿਰਾਵਾ ਨਹੀਂ ਛੱਡਿਆ। ਅਸੀਂ ਬਹੁਤ ਕੋਸ਼ਿਸ਼ ਕੀਤੀ ਕਿ ਉਸ ਦੀ ਨੰਗੇ ਸਿਰ ਵਾਲੀ ਤਸਵੀਰ ਲੱਭੀਏ, ਪਰ ਉਸ ਦੀਆਂ ਸੈਂਕੜੇ ਤਸਵੀਰਾਂ ‘ਚੋਂ ਸਾਨੂੰ ਇਕ ਵੀ ਅਜਿਹੀ ਤਸਵੀਰ ਨਹੀਂ ਲੱਭੀ।

ਪਰ ਉਸ ਦੀਆਂ ਇੰਨੀਆਂ ਤਸਵੀਰਾਂ ਇੰਟਰਨੈਟ ‘ਤੇ ਕਿਉਂ ਨੇ ? ਕਿਉਂ ਕਿ ਉਹ ਅਮਰੀਕੀ ਪਾਰਲੀਮੈਂਟ ਦੀ ਲਈ ਚੁਣੀ ਗਈ ਏ। ਹਾਂਜੀ, ਉਹੀ ਅਮਰੀਕਾ ਜਿਹੜਾ ਪੂੰਜੀਵਾਦੀ ਪੱਛਮੀ ਸੱਭਿਅਤਾ ਦਾ ਹੋਕਾ ਦਿੰਦਾ, ਜੋ ਲੋਕਾਂ ਨੂੰ ਪੜਾਉਂਦੀ ਏ ਕਿ ਨੰਗਾ ਹੋਣਾ ਤੁਹਾਡਾ ਹੱਕ ਏ। ਉਹੀ ਸੱਭਿਅਤਾ ਜੋ ਸਾਨੂੰ ਕਹਿੰਦੀ ਏ ਕਿ ਕੁੜਤਾ ਪਜਾਮਾ ਪਾ ਕੇ ਦਫਤਰ ਨਹੀਂ ਜਾਇਆ ਜਾਂਦਾ। ਜੋ ਸਾਡੇ ਮੁੰਡੇ ਅਤੇ ਕੁੜੀਆਂ ਨੂੰ ਵਾਲਾਂ ਦੇ ‘ਸਟਾਈਲ’ ਬਣਾਉਣਾ ਸਖਾਉੰਦੀ ਏ।

ਪੰਜਾਬੀ ਸੱਭਿਅਤਾ ‘ਚ ਹਿੰਦੂ, ਸਿੱਖ, ਮੁਸਲਮਾਨ ਸਾਰੇ ਸਿਰ ਕੱਜ ਕੇ ਰੱਖਣ ਵਿੱਚ ਵਡਿਆਈ ਸਮਝਦੇ ਰਹੇ ਨੇ। ਸੋਮਾਲੀਆ ਵਿੱਚ ਵੀ ਕੋਈ ਅਜਿਹਾ ਵਿਸ਼ਵਾਸ਼ ਹੋਵੇਗਾ। ਇਲਹਾਨ ਨੇ ਅਮਰੀਕਾ ਆ ਕੇ ਵੀ ਉਸ ਸਬਕ ਨੂੰ ਯਾਦ ਰੱਖਿਆ। ਇਸ ਦੇ ਬਾਵਜੂਦ ਉਹ ਉਸ ਸੀਟ ਤੋਂ ਜਿੱਤ ਕੇ ਆਈ ਜਿੱਥੇ 67% ਗੋਰਿਆਂ ਦੀ ਅਬਾਦੀ ਏ।

ਉਨ੍ਹਾਂ ਗੋਰਿਆਂ ਨੇ ਸੋਮਾਲੀਆ ਦੀ ਕੁੜੀ ਨੂੰ ਪਾਰਲੀਮੈਂਟ ਭੇਜ ਦਿੱਤਾ, ਪਰ ਤੁਸੀਂ ਉਸ ਨਾਲ ਉਹੀ ਵਰਤਾਉ ਕਰਨਾ ਸੀ ਜੋ ਤੁਸੀਂ ਅਮਰਦੀਪ ਗਿਲ ਨਾਲ ਕਰਦੇ ਹੋ। ਨਾ ਹੀ ਅਮਰਦੀਪ ਵਿਚਾਰਾ ਅਤੇ ਬੂਝੜ ਏ ਅਤੇ ਨਾ ਹੀ ਇਲਹਾਨ ਉਮਰ ਕਿਸੇ ਨਾਲੋਂ ਘੱਟ। ਦੋਵਾਂ ਦੀਆਂ ਨਿੱਜੀ ਅਤੇ ਸਮਾਜਿਕ ਪ੍ਰਾਪਤੀਆਂ ਉਨ੍ਹਾਂ ਗੁੰਮਨਾਮ ਲੋਕਾਂ ਦੀ ਭੀੜ ਨਾਲੋਂ ਕਿਤੇ ਜਿਆਦਾ ਨੇ, ਜੋ ਇਸ ਗੱਲ ਦਾ ਗਿਆਨ ਰੱਖਦੀ ਏ ਕਿ ‘ਖੜੇ’ ਅਤੇ ‘ਸਟਰੇਟ’ ਵਾਲਾਂ ਦਾ ਸਾਲ ਦਾ ਕਿੰਨਾ ਖਰਚਾ ਅਉਂਦਾ।

ਅਸਲ ਵਿੱਚ ਬੂਝੜ ਉਹ ਹੁੰਦਾ ਜੋ ਆਵਦੇ ਮੂਲ ਨੂੰ ਕਿਸੇ ਹੋਰ ਦੀਆਂ ਗੱਲਾਂ ‘ਚ ਆ ਕੇ ਛੱਡ ਦਿੰਦਾ।

ਪੰਜਾਬ ‘ਚ ਕੁੜੀਆਂ ਦੇ ਮਾਮਲੇ ‘ਚ ਮੂਲਵਾਦ ਤੋਂ ਦੂਰ ਜਾਣ ਵਾਸਤੇ ਨਾਰੀਵਾਦ ਦਾ ਬਹਾਨਾ ਵੀ ਘੜਿਆ ਜਾਂਦਾ। ਪਰ ਆਪਣਾ ਸਿਰ ਨੰਗਾ ਨਾ ਕਰਨ ਵਾਲੀ 37 ਸਾਲਾ ਇਲਹਾਨ ਹੁਣ ਤੱਕ ਤਿੰਨ ਵਿਆਹ ਕਰ ਚੁੱਕੀ ਏ ਅਤੇ ਤਿੰਨ ਬੱਚਿਆਂ ਦੀ ਮਾਂ ਏ।

ਕਿਸੇ ਵੀ ਕਿਸਮ ਦੀ ਅਜਾਦੀ ਦੀ ਲੜਾਈ ਸਿਰਫ ਪਹਿਰਾਵੇ ਨਾਲ ਨਹੀਂ ਲੜੀ ਜਾਂਦੀ। ਪਰ ਤੁਹਾਡਾ ਪਹਿਰਾਵਾ ਇਹ ਜਰੂਰ ਦੱਸਦਾ ਹੈ ਅਜਾਦੀ ਦੀ ਲੜਾਈ ਤੁਹਾਡੀ ਆਪਣੀ ਏ ਜਾਂ ਤੁਸੀਂ ਕਿਸੇ ਹੋਰ ਦੀ ਘੜੀ ਧਾਰਨਾ ਦੇ ਗੁਲਾਮ ਹੋ ਕਿ ਆਪਣੇ ਮੂਲ ਤੋਂ ਮੂੰਹ ਮੋੜਨ ਨੂੰ ਅਜਾਦੀ ਦੀ ਲੜਾਈ ਸਮਝ ਰਹੇ ਹੋ।