ਤਾਈਵਾਨ ਦੀ ਸੰਸਦ ‘ਚ ਪਾਸ ਹੋਇਆ ਸਮਲਿੰਗੀ ਵਿਆਹ ਕਾਨੂੰਨ

ਤਾਇਪੇ:ਤਾਈਵਾਨ ਦੀ ਸੰਸਦ ਵਿਚ ਅੱਜ ਦਾ ਦਿਨ ਇਤਿਹਾਸਿਕ ਰਿਹਾ। ਸੰਸਦ ਨੇ ਸ਼ੁੱਕਰਵਾਰ ਨੂੰ ਸਮਲਿੰਗੀ ਵਿਆਹ ਕਾਨੂੰਨ ਨੂੰ ਪਾਸ ਕਰ ਦਿੱਤਾ। ਇਸ ਤਰ੍ਹਾਂ ਤਾਈਵਾਨ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਦੇਣ ਵਾਲਾ ਏਸ਼ੀਆ ਦਾ ਪਹਿਲਾ ਦੇਸ਼ ਬਣ ਗਿਆ। ਬਿੱਲ ਪੇਸ਼ ਕਰਨ ਦੇ ਬਾਅਦ ਇਸ ‘ਤੇ ਸਾਂਸਦਾਂ ਨੇ ਆਪਣੇ ਵਿਚਾਰ ਰੱਖੇ। ਰੂੜ੍ਹਵਾਦੀ ਸਾਂਸਦਾਂ ਨੇ ਨਾਗਰਿਕ ਫੈਡਰਲ ਕਾਨੂੰਨ ਦੇ ਪੱਖ ਵਿਚ ਸਭ ਤੋਂ ਪ੍ਰਗਤੀਸ਼ੀਲ ਬਿੱਲ ਨੂੰ ਰੋਕਣ ਦਾ ਕੋਸ਼ਿਸ਼ ਕੀਤੀ। ਜਿਵੇਂ ਹੀ ਸੰਸਦ ਵਿਚ ਇਹ ਇਤਿਹਾਸਿਕ ਕਾਨੂੰਨ ਪਾਸ ਹੋਇਆ ਸਮਲਿੰਗੀ ਅਧਿਕਾਰਾਂ ਲਈ ਸੰਘਰਸ਼ ਕਰਨ ਵਾਲੇ ਕਾਰਕੁੰਨਾਂ ਨੇ ਖੁਸ਼ੀ ਮਨਾਈ।
ਦੇਸ਼ ਦੇ ਰਾਸ਼ਟਰਪਤੀ ਨੇ ਕਿਹਾ ਕਿ ਸਹੀ ਅਰਥਾਂ ਵਿਚ ਬਰਾਬਰੀ ਵੱਲ ਅੱਜ ਅਸੀਂ ਇਕ ਕਦਮ ਵਧਾਇਆ ਹੈ। ਇਸ ਮੁੱਦੇ ‘ਤੇ ਬਹਿਸ ਚੱਲਣ ਦੌਰਾਨ ਭਾਰੀ ਮੀਂਹ ਦੇ ਬਾਵਜੂਦ ਸੈਂਕੜੇ ਸਮਲਿੰਗੀ ਅਧਿਕਾਰ ਸਮਰਥਕ ਸੰਸਦ ਦੇ ਬਾਹਰ ਇਕੱਠੇ ਹੋਏ। ਭਾਵੇਂਕਿ ਇਸ ਮੁੱਦੇ ਨੂੰ ਲੈ ਕੇ ਦੇਸ਼ ਵਿਚ ਸੋਚ ਵੰਡੀ ਹੋਈ ਹੈ। ਸੰਸਦ ਵਿਚ ਇਹ ਕਾਨੂੰਨ ਆਸਾਨੀ ਨਾਲ ਪਾਸ ਹੋ ਗਿਆ। ਸਮਲਿੰਗੀ ਜੋੜਿਆਂ ਨੂੰ ਵਿਸ਼ੇਸ਼ ਰੂਪ ਨਾਲ ਸਥਾਈ ਸੰਬੰਧ (Exclusive Permanent Unions) ਬਣਾਉਣ ਦਾ ਅਧਿਕਾਰ ਅਤੇ ਦੂਜੇ ਨਿਯਮਾਂ ਦੇ ਤਹਿਤ ਸਰਕਾਰੀ ਏਜੰਸੀਆਂ ਨਾਲ ਵਿਆਹ ਦੀ ਰਜਿਸਟ੍ਰੇਸ਼ਨ ਦਾ ਅਧਿਕਾਰ ਮਿਲ ਗਿਆ।
ਸਮਲਿੰਗੀ ਅਧਿਕਾਰਾਂ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਅਤੇ ਸਮਲਿੰਗੀਆਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ। ਤਾਈਵਾਨ ਦੀ ਉੱਚ ਅਦਾਲਤ ਨੇ ਕਿਹਾ ਸੀ ਕਿ ਸਮਲਿੰਗੀ ਜੋੜਿਆਂ ਨੂੰ ਵਿਆਹ ਦੀ ਇਜਾਜ਼ਤ ਨਾ ਦੇਣਾ ਸੰਵਿਧਾਨ ਦੀ ਉਲੰਘਣਾ ਹੋਵੇਗੀ। ਜੱਜ ਨੇ ਸਰਕਾਰ ਨੂੰ ਕਾਨੂੰਨ ਵਿਚ ਤਬਦੀਲੀ ਕਰਨ ਲਈ ਇਸ ਸਾਲ 24 ਮਈ ਤੱਕ ਦਾ ਸਮਾਂ ਦਿੱਤਾ ਸੀ। ਬੀਤੇ ਕੁਝ ਸਮੇਂ ਵਿਚ ਤਾਈਵਾਨ ਦੇ ਰੂੜ੍ਹਵਾਦੀ ਸਾਂਸਦਾਂ ਨੇ ਪ੍ਰਗਤੀਸ਼ਾਲ ਕਾਨੂੰਨ ਨੂੰ ਰੋਕਣ ਲਈ ਕਈ ਬਿੱਲ ਪੇਸ਼ ਕਰਨ ਦੀ ਕੋਸ਼ਿਸ਼ ਸੰਸਦ ਵਿਚ ਕੀਤੀ ਸੀ ਪਰ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ।

Share with Friends