ਕੈਨੇਡਾ ਜਾਣ ਵਾਲਿਆਂ ਲਈ ਨਵੇਂ ਸਾਲ ਤੋਂ ਨਵੇਂ ਨਿਯਮ ਹੋਣਗੇ ਲਾਗੂ

0
99

ਜਲੰਧਰ— ਕੈਨੇਡਾ ਨੇ ਜਿੱਥੇ 2018 ਦੀ ਸ਼ੁਰੂਆਤ ‘ਚ ਆਪਣੇ ਇਮੀਗ੍ਰੇਸ਼ਨ ਨਿਯਮਾਂ ‘ਚ ਬਦਲਾਅ ਕੀਤਾ ਸੀ। ਉਂਝ ਹੀ ਆਉਣ ਵਾਲੇ ਨਵੇਂ ਸਾਲ (2019) ‘ਚ ਵੀ ਕੈਨੇਡਾ ਦਾ ਵੀਜ਼ਾ ਲੈਣ ਲਈ ਬਾਇਓਮੈਟ੍ਰਿਕਸ ਦੇਣੇ ਪੈਣਗੇ। ਵਿਜ਼ਟਰ ਵੀਜ਼ਾ, ਵਰਕ ਪਰਮਿਟ ਜਾਂ ਫਿਰ ਸਟੱਡੀ (ਪੜ੍ਹਾਈ) ਲਈ, ਪਰਮਾਨੈਂਟ ਰੈਜ਼ੀਡੈਂਸੀ (ਪੀ. ਆਰ.) ਰਿਫਿਊਜ਼ੀ ਲਈ ਅਰਜ਼ੀਆਂ ਦੇਣ ਵਾਲੇ ਬਿਨੈਕਾਰ ਵਾਸਤੇ ਫਿੰਗਰਪ੍ਰਿੰਟਸ ਅਤੇ ਫੋਟੋ ਦੀ ਲੋੜ ਹੋਵੇਗੀ। ਹਾਲਾਂਕਿ ਇਨ੍ਹਾਂ ਨਵੇਂ ਨਿਯਮਾਂ ‘ਚ ਕੁਝ ਰਿਆਇਤਾਂ (ਛੋਟ) ਵੀ ਜ਼ਰੂਰ ਦਿੱਤੀਆਂ ਗਈਆਂ ਹਨ।
ਹਾਲਾਂਕਿ ਇਹ ਬਾਇਓਮੈਟ੍ਰਿਕ ਪ੍ਰਕਿਰਿਆ ਇਸ ਸਾਲ ਜੁਲਾਈ ਤੋਂ ਬਾਅਦ ਯੂਰਪ, ਮੱਧ ਪੂਰਬ ਅਤੇ ਅਫਰੀਕਾ ਦੇ ਬਿਨੈਕਾਰਾਂ ਲਈ ਪਹਿਲਾਂ ਹੀ ਲਾਗੂ ਹੋ ਚੁੱਕੀ ਹੈ, ਪਰ ਹੁਣ ਏਸ਼ੀਆ, ਏਸ਼ੀਆ ਪੈਸੀਫਿਕ ਅਤੇ ਅਮਰੀਕਾ ਦੇ ਬਿਨੈਕਾਰਾਂ ਲਈ ਇਹ ਪ੍ਰਣਾਲੀ ਲਾਜ਼ਮੀ ਬਣ ਗਈ ਹੈ।
ਇਸ ਦੌਰਾਨ ਬਾਇਓਮੈਟ੍ਰਿਕ ਸਿਰਫ 10 ਸਾਲਾਂ ਲਈ ਪ੍ਰਮਾਣਿਤ ਹੁੰਦੀ ਹੈ ਜਿਸ ਦਾ ਮਤਲਬ ਇਹ ਹੈ ਕਿ ਹਰ 10 ਸਾਲਾਂ ਬਾਅਦ ਬਾਇਓਮੈਟ੍ਰਿਕ ਦੇਣ ਦੀ ਲੋੜ ਹੈ ਪਰ ਜੇ ਬਿਨੈਕਾਰ ਨੇ ਪਰਮਾਨੈਂਟ ਰੈਜ਼ੀਡੈਂਸੀ ਲਈ ਅਰਜ਼ੀ ਦਿੱਤੀ ਹੈ ਤਾਂ ਜਦੋਂ ਵੀ ਉਹ ਅਪਲਾਈ ਕਰਦਾ ਹੈ ਤਾਂ ਉਸ ਨੂੰ ਬਾਇਓਮੈਟ੍ਰਿਕ ਦੇਣੇ ਪੈਣਗੇ।