ਇਕ ਮਹੀਨਾ ਪਹਿਲਾਂ ਵਿਆਹੇ ਨੌਜਵਾਨ ਨੇ ਕੀਤੀ ਖੁਦਕੁਸ਼ੀ

0
141

ਜਲੰਧਰ — ਪਿੰਡ ਗਾਜੀਪੁਰ ਦੇ 28 ਸਾਲਾ ਪੇਂਟ ਕਾਰੋਬਾਰੀ ਨੇ ਆਪਣੀ ਪਤਨੀ ਤੋਂ ਤੰਗ ਪਰੇਸ਼ਾਨ ਹੋ ਕੇ ਬਾਥਰੂਮ ‘ਚ ਫਾਹ ਲੈ ਕੇ ਆਪਣੀ ਜਾਨ ਦੇ ਦਿੱਤੀ। ਮ੍ਰਿਤਕ ਦਾ ਇਕ ਮਹੀਨਾ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ 6 ਦਿਨ ਪਹਿਲਾਂ ਹੀ ਉਹ ਆਪਣੇ ਹਨੀਮੂਨ ਤੋਂ ਵਾਪਸ ਪਰਤਿਆ ਸੀ। ਮ੍ਰਿਤਕ ਦੀ ਪਛਾਣ ਹਰਕਮਲਜੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਕਪੂਰਥਲਾ ਰੋਡ ਸਥਿਤ ਗਾਜ਼ੀਪੁਰ ਵਜੋਂ ਹੋਈ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਚੌਕੀ ਮੰਡ ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਪੁਲਸ ਨੂੰ ਹਰਕਮਲਜੀਤ ਸਿੰਘ ਦੀ ਜੇਬ ਤੋਂ ਸੁਸਾਈਡ ਨੋਟ ਬਰਾਮਦ ਹੋਇਆ ਹੈ। ਜਿਸ ‘ਚ ਮੌਤ ਦਾ ਜ਼ਿੰਮੇਵਾਰ ਆਪਣੀ ਪਤਨੀ ਨੀਰੂ ਭੰਵਰਾ ਨੂੰ ਦੱਸਿਆ ਗਿਆ ਹੈ।
ਜਨਵਰੀ ਮਹੀਨੇ ਹੋਇਆ ਸੀ ਵਿਆਹ
ਜਾਣਕਾਰੀ ਅਨੁਸਾਰ ਹਰਕਮਲਜੀਤ ਸਿੰਘ ਜਿਸ ਦਾ ਮੰਡ ਅੱਡੇ ‘ਤੇ ਸੋਨੀ ਪੇਂਟ ਸਟੋਰ ਹੈ ਜੋ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਹਰਕਮਲਜੀਤ ਦਾ ਵਿਆਹ 20 ਜਨਵਰੀ ਨੂੰ ਨੀਰੂ ਭੰਵਰਾ ਨਾਲ ਹੋਇਆ ਸੀ। ਦੋਵਾਂ ਨੂੰ ਘੁੰਮਣ ਦਾ ਬਹੁਤ ਸ਼ੌਕ ਸੀ। ਪਤਨੀ ਦੇ ਸ਼ੌਕ ਪੂਰੇ ਕਰਨ ਲਈ ਕੁਝ ਦਿਨ ਪਹਿਲਾਂ ਤਾਂ ਮਲੇਸ਼ੀਆ ਘੁਮਾ ਕੇ ਲਿਆਇਆ ਸੀ। ਹੁਣ ਦੋਬਾਰਾ ਸਿੰਗਾਪੁਰ ਜਾਣਾ ਸੀ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਹਰਕਮਲਜੀਤ ਸਿੰਘ ਵਿਆਹ ਤੋਂ ਬਾਅਦ ਹੀ ਪਰੇਸ਼ਾਨ ਸੀ। ਉਸ ਦੀ ਪਤਨੀ ਪੂਰੇ ਪਰਿਵਾਰ ਨੂੰ ਝੂਠੇ ਕੇਸ ‘ਚ ਫਸਾਉਣ ਦੀਆਂ ਧਮਕੀਆਂ ਦੇ ਕੇ ਤੰਗ ਕਰਨ ਲੱਗੀ ਸੀ। 20 ਤਰੀਕ ਦੀ ਉਹ ਦਸੂਹਾ ਆਪਣੇ ਪੇਕੇ ਗਈ ਸੀ ਅਤੇ ਉਥੇ ਬੈਠੀ ਵੀ ਹਰ ਰੋਜ਼ ਬੇਟੇ ਨੂੰ ਧਮਕੀਆਂ ਦਿੰਦੀ ਰਹਿੰਦੀ ਸੀ। ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ। ਮੌਕੇ ‘ਤੇ ਜਾਂਚ ਦੌਰਾਨ ਪਹੁੰਚੇ ਮੰਡ ਚੌਕੀ ਦੇ ਏ. ਐੱਸ. ਆਈ. ਬਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪਿੰਡ ਗਾਜੀਪੁਰ ਦੇ ਵਿਅਕਤੀ ਨੇ ਸਵੇਰੇ ਬਾਥਰੂਮ ‘ਚ ਫਾਹ ਲਗਾ ਕੇ ਖੁਦਕੁਸ਼ੀ ਕਰ ਲਈ ਹੈ। ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੇ ਤਾਂ ਬਾਥਰੂਮ ‘ਚ ਲਾਸ਼ ਲਟਕੀ ਹੋਈ ਸੀ। ਜਾਂਚ ਦੌਰਾਨ ਮ੍ਰਿਤਕ ਦੀ ਜੇਬ ਤੋਂ ਇਕ ਸੁਸਾਈਡ ਨੋਟ ਮਿਲਿਆ ਸੀ।
ਸੁਸਾਈਡ ਨੋਟ ‘ਚ ਕੀਤਾ ਪਤਨੀ ਦਾ ਖੁਲਾਸਾ
ਹਰਕਮਲਜੀਤ ਨੇ ਪੰਜਾਬੀ ‘ਚ ਲਿਖੇ ਆਪਣੇ ਖੁਦਕੁਸ਼ੀ ਨੋਟ ‘ਚ ਲਿਖਿਆ, ”ਮੈਂ ਆਪਣੇ ਪੂਰੇ ਹੋਸ਼-ਹਵਾਸ ‘ਚ ਇਹ ਸੁਸਾਈਡ ਨੋਟ ਲਿਖ ਰਿਹਾ ਹਾਂ। ਵਜ੍ਹਾ ਨੀਰੂ ਭੰਵਰਾ ਹੈ, ਜੋ ਮੈਨੂੰ ਬਹੁਤ ਹੀ ਤੰਗ ਪਰੇਸ਼ਾਨ ਕਰਦੀ ਹੈ। ਮੈਨੂੰ ਧਮਕੀਆਂ ਦਿੰਦੀ ਹੈ ਕਿ ਮੈਂ ਤੇਰੇ ਪਿਓ ਨੂੰ ਅੱਗ ਲਾ ਦੇਣੀ ਅਤੇ ਤੇਰੇ ਖਾਨਦਾਨ ਨੂੰ ਤਬਾਹ ਕਰ ਦੇਣਾ ਹੈ। ਇਸ ਨੂੰ ਘਰ ਦਾ ਕੰਮ ਵੀ ਨਹੀਂ ਆਉਂਦਾ। ਜੇ ਇਸ ਨੂੰ ਕਹਿੰਦੇ ਹਾਂ ਤਾਂ ਸਾਨੂੰ ਧਮਕੀਆਂ ਦਿੰਦੀ ਹੈ ਕਿ ਮੈਂ ਤੁਹਾਡੀ ਨੌਕਰ ਲੱਗੀ ਹੋਈ ਆਂ..? ਓ ਆਪਣੇ ਪੁਰਾਣੇ ਯਾਰਾਂ ਗੱਲ ਕਰਦੀ ਹੈ, ਜਿਸ ਵਿੱਚ ਦਿਲਬਾਗ ਨਾਂ ਦਾ ਮੁੰਡਾ ਹੈ, ਜੋ ਕੈਨੇਡਾ ਰਹਿੰਦਾ ਹੈ। ਦੂਜਾ ਹੁਣ ਜੇਲ ਗਿਆ ਹੋਇਆ ਹੈ ਗੋਪੀ ਬਾਜਵਾ, ਓਸ ਨਾਲ ਵੀ ਗੱਲਬਾਤ ਹੈ। ਇਹ ਮੈਨੂੰ ਕਹਿੰਦੀ ਕਿ ਮੈਂ ਤੁਹਾਨੂੰ ਤਬਾਹ ਕਰ ਦੇਣਾ ਹੈ। ਇਸ ਕਰਕੇ ਮੈਂ ਇਹ ਸਟੈਪ ਚੁੱਕ ਲਿਆ ਹੈ। ਪਿਛਲੇ ਹਫਤੇ ਜਦ ਅਸੀਂ ਮਲੇਸ਼ੀਆ ਗਏ ਸੀ, ਉਦੋਂ ਵੀ ਉਸ ਨੇ ਮੈਨੂੰ ਬਹੁਤ ਦੁਖੀ ਕੀਤਾ ਸੀ। ਹਰ ਗੱਲ ‘ਤੇ ਮੈਨੂੰ ਤਲਾਕ ਦੇਣ ਤੇ ਹਰ ਗੱਲ ‘ਤੇ ਮੈਨੂੰ ਧਮਕੀਆਂ ਦਿੰਦੀ ਹੈ। ਮੈਂ ਮਹਿਲਾ ਮੰਡਲ ‘ਚ ਪਰਚਾ ਦੇ ਕੇ ਤੁਹਾਡਾ ਜਲੂਸ ਕਢਾਉਣੈ। ਇਸ ਲਈ ਮੈਂ ਮਜਬੂਰ ਹੋ ਕੇ ਇਹ ਕਦਮ ਚੁੱਕ ਲਿਆ। ਮੰਮੀ ਤੇ ਪਾਪਾ ਤੁਸੀਂ ਆਪਣਾ ਖਿਆਲ ਰੱਖਿਓ..!”
ਏ. ਐੱਸ. ਆਈ. ਬਲਬੀਰ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਪਤਨੀ ਤੋਂ ਤੰਗ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰਨ ਦੀ ਗੱਲ ਸਾਹਮਣੇ ਆਈ ਹੈ, ਜੋ ਹਰਕਮਲਜੀਤ ਸਿੰਘ ਨੇ ਸੋਸਾਈਡ ਨੋਟ ‘ਚ ਲਿਖਿਆ ਹੈ। ਥਾਣਾ ਮੰਡ ਚੌਕੀ ਪੁਲਸ ਨੇ ਮ੍ਰਿਤਕ ਦੀ ਪਤਨੀ ਨੀਰੂ ਭਾਮਰਾ ਖਿਲਾਫ ਆਈ. ਪੀ. ਸੀ. ਦੀ ਧਾਰਾ 306 ਤਹਿਤ ਕੇਸ ਦਰਜ ਕਰ ਲਿਆ ਹੈ, ਜਿਸ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।