ਅਸਮਾਨ ‘ਚ ਉਡ ਕੇ ਕਹਿੰਦੇ ਆਉਂਂਦੀ ਲੋਰ,ਪਰ ਪਾਇਲਟ ਹੁੰਦੇ ਬੋਰ

ਸਿਡਨੀ— ਇਹ ਸੱਚ ਹੈ ਕਿ ਲਗਾਤਾਰ ਇਕ ਕੰਮ ਨੂੰ ਕਰਦਿਆਂ ਮਨੁੱਖ ਥੱਕ ਜਾਂਦਾ ਹੈ ਅਤੇ ਬੋਰ ਵੀ ਹੋ ਜਾਂਦਾ ਹੈ। ਅਕਸਰ ਹਜ਼ਾਰਾਂ ਫੁੱਟ ਦੀ ਉੱਚਾਈ ‘ਤੇ ਉਡਾਣ ਭਰਨ ਵਾਲੇ ਪਾਇਲਟ ਦੀ ਨੌਕਰੀ ਕਾਫੀ ਦਿਲਚਸਪ ਲੱਗਦੀ ਹੈ। ਪਰ ਅਸਲ ਵਿਚ ਸੱਚਾਈ ਕੁਝ ਹੋਰ ਹੀ ਹੈ। ਹਾਲ ਹੀ ਵਿਚ ਇਕ ਆਸਟ੍ਰੇਲੀਆਈ ਪਾਇਲਟ ਨੇ ਕੁਝ ਅਜਿਹਾ ਕੀਤਾ, ਜਿਸ ਤੋਂ ਪਤਾ ਚੱਲਦਾ ਹੈ ਕਿ ਉਹ ਵੀ ਆਪਣੇ ਕੰਮ ਦੌਰਾਨ ਬੋਰ ਹੋ ਜਾਂਦੇ ਹਨ।
ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ਵਿਚ ਇਕ ਪਾਇਲਟ ਨੇ ਸਿਖਲਾਈ ਦੌਰਾਨ ਕੁਝ ਅਜਿਹਾ ਕੀਤਾ ਜਿਸ ਸਬੰਧੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਤਸਵੀਰ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਕ ਪਾਇਲਟ ਨੇ ਆਪਣੇ ਹਵਾਈ ਕਰਤਬ ਵਿਚ ਆਸਮਾਨ ਵਿਚ ‘ਆਈ ਐੱਮ ਬੋਰਡ’ ਮਤਲਬ ‘ਮੈਂ ਬੋਰ ਹੋ ਚੁੱਕਾ ਹਾਂ’ ਲਿਖ ਦਿੱਤਾ। ਇਹ ਧਰਤੀ ਤੋਂ ਨਜ਼ਰ ਨਹੀਂ ਆਉਂਦਾ ਸਗੋਂ ਫਲਾਈਟ ਨੂੰ ਟਰੈਕ ਕਰਨ ਵਾਲੇ ਪ੍ਰੋਗਰਾਮ ਅਤੇ ਵੈਬਸਾਈਟ ‘ਤੇ ਹੀ ਨਜ਼ਰ ਆ ਰਿਹਾ ਹੈ।
ਡਾਇਮੰਡ ਸਟਾਰ ਪਲੇਨ ਦੇ ਇਕ ਪਾਇਲਟ ਨੇ 3 ਘੰਟੇ ਜਹਾਜ਼ ਨੂੰ ਅਜਿਹੇ ਫਲਾਈਟ ਮਾਰਗ ਵਿਚੋਂ ਲੰਘਾਇਆ ਕਿ ਦੱਖਣੀ ਆਸਟ੍ਰੇਲੀਆ ਦੇ ਆਸਮਾਨ ਦੇ ਉੱਪਰ ‘ਆਈ ਐੱਮ ਬੋਰਡ’ ਦਿੱਸਣ ਲੱਗਾ। ਫਲਾਈਟ ਅਵੇਅਰ ਵੈਬਸਾਈਟ ਨੇ ਪਾਇਲਟ ਦੇ ਇਸ ਕੰਮ ਨੂੰ ਕੈਪਚਰ ਕੀਤਾ ਹੈ ਅਤੇ ਉਸ ਮਗਰੋਂ ਇਹ ਕਾਫੀ ਵਾਇਰਲ ਹੋ ਰਿਹਾ ਹੈ।

Leave a Reply

Your email address will not be published. Required fields are marked *