ਅਲਾਇੰਸ ਆਫ ਸਿੱਖ ਆਰਗੇਨਾਈਜ਼ੇਸ਼ਨ ਕੈਪਟਨ ਅਮਰਿੰਦਰ ਸਿੰਘ ਹਮਲਾ

0
103

ਜਲੰਧਰ — 30 ਸਿੱਖ ਸੰਗਠਨਾਂ ਵੱਲੋਂ ਮਿਲ ਕੇ ਬਣਾਈ ਗਈ ਅਲਾਇੰਸ ਆਫ ਸਿੱਖ ਆਰਗੇਨਾਈਜ਼ੇਸ਼ਨ ਵੱਲੋਂ ਇਕ ਪ੍ਰੈੱਸ ਕਾਨਫਰੰਸ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਹਮਲਾ ਬੋਲਿਆ ਗਿਆ। ਇਸ ਮੌਕੇ ਗੁਰਬਚਨ ਸਿੰਘ, ਸੁਖਦੇਵ ਸਿੰਘ ਤੇ ਪਰਮਪਾਲ ਸਿੰਘ ਨੇ ਕਿਹਾ ਕਿ ਬਾਦਲ ਸਰਕਾਰ ਦੇ ਰਾਜ ‘ਚ ਪੰਜਾਬ ‘ਚ ਹੋਈਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਸਿੱਖ ਸਮਾਜ ਨੇ ਅਕਾਲੀ ਦਲ ਬਾਦਲ ਨੂੰ ਵੋਟ ਨਾ ਪਾਉਣ ਦਾ ਫੈਸਲਾ ਕੀਤਾ ਸੀ ਅਤੇ ਸਭ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਵਿਸ਼ਵਾਸ ਜਤਾਇਆ ਤੇ ਉਨ੍ਹਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ। ਇਸ ਤੋਂ ਬਾਅਦ 8 ਸੰਸਦ ਮੈਂਬਰ ਵੀ ਪੰਜਾਬ ਤੋਂ ਜਿਤਾ ਕੇ ਭੇਜੇ ਪਰ ਕੈਪਟਨ ਨੇ ਸਿੱਖਾਂ ਨਾਲ ਵਿਸ਼ਵਾਸਘਾਤ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਨੇ ਬਰਗਾੜੀ ਬੇਅਦਬੀ ਕੇਸ ‘ਚ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਜਿਸ ਮਹਿੰਦਰਪਾਲ ਬਿੱਟੂ ਦੀ ਬੀਤੇ ਦਿਨੀਂ ਨਾਭਾ ਜੇਲ ‘ਚ ਹੱਤਿਆ ਕੀਤੀ ਗਈ ਉਸ ਬਿੱਟੂ ‘ਤੇ ਬੇਅਦਬੀ ਦੇ ਦੋਸ਼ ਲੱਗੇ ਹੋਏ ਸਨ ਅਤੇ ਉਹ ਸਾਰੇ ਮਾਮਲੇ ਦਾ ਗਵਾਹ ਸੀ ਪਰ ਕੈਪਟਨ ਸਰਕਾਰ ਨੇ ਜਾਣਕੁਝ ਕੇ ਇਸ ਕੇਸ ‘ਚ ਕੁਝ ਨਹੀਂ ਕੀਤਾ ਅਤੇ ਹੁਣ ਬਿੱਟੂ ਦੀ ਮੌਤ ਤੋਂ ਬਾਅਦ ਉਸ ਦੀ ਜਾਂਚ ਵੱਲ ਸਾਰਾ ਫੋਕਸ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਬਾਦਲ ਦੇ ਰਾਹ ‘ਤੇ ਚੱਲ ਰਹੀ ਹੈ। ਪਹਿਲਾਂ ਇਹ ਕੇਸ ਸੀ. ਬੀ. ਆਈ. ਤੋਂ ਇਹ ਕਹਿ ਕੇ ਵਾਪਸ ਲਿਆ ਗਿਆ ਸੀ ਕਿ ਪੰਜਾਬ ਸਰਕਾਰ ਸਾਰੇ ਕੇਸ ‘ਚ ਖੁਦ ਕਾਰਵਾਈ ਕਰੇਗੀ ਅਤੇ ਬਾਅਦ ‘ਚ ਉਸ ਨੇ ਕੁਝ ਨਹੀਂ ਕੀਤਾ।
ਸੰਗਠਨ ਦੇ ਮੈਂਬਰਾਂ ਨੇ ਦੋਸ਼ ਲਾਇਆ ਕਿ ਬਰਗਾੜੀ ਸਮੇਤ ਕਹੀ ਹੋਰ ਬੇਅਦਬੀ ਦੇ ਕੇਸਾਂ ਵਿਚ ਫੜੇ ਗਏ 26 ਮੁਲਜ਼ਮਾਂ ‘ਚੋਂ 21 ਡੇਰਾ ਸੱਚਾ ਸੌਦਾ ਦੇ ਸਮਰਥਕ ਸਨ। ਇਸੇ ਤਰ੍ਹਾਂ ਮੌੜ ਮੰਡੀ ਬੰਬ ਬਲਾਸਟ ਕੇਸ ਵਿਚ ਡੇਰਾ ਸਮਰਥਕਾਂ ‘ਤੇ ਦੋਸ਼ ਤੈਅ ਹੋਣ ਵਾਲੇ ਸਨ ਕਿ ਪੰਜਾਬ ਸਰਕਾਰ ਨੇ ਸਾਰੇ ਕੇਸ ਨੂੰ ਠੱਪ ਕਰ ਦਿੱਤਾ। ਸਿੱਖ ਸੰਗਠਨ ਦੇ ਆਗੂਆਂ ਨੇ ਦੋਸ਼ ਲਾਇਆ ਹੈ ਕਿ ਪੰਜਾਬ ‘ਚ ਸਿੱਖਾਂ ਨੂੰ ਨਿਆਂ ਨਹੀਂ ਮਿਲ ਰਿਹਾ। ਇਸ ਸਭ ਲਈ ਪੰਜਾਬ ਅਤੇ ਦੇਸ਼ ਦੀ ਸਰਕਾਰ ਜ਼ਿੰਮੇਵਾਰ ਹੋਵੇਗੀ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਜੇਲਾਂ ‘ਚ ਅਜਿਹੇ ਸਿੱਖ ਕੈਦੀ ਹਨ, ਜਿਨ੍ਹਾਂ ਦੀ ਸਜ਼ਾ ਖਤਮ ਹੋਏ 30 ਸਾਲ ਤੋਂ ਜ਼ਿਆਦਾ ਹੋ ਚੁੱਕੇ ਹਨ ਪਰ ਸਰਕਾਰ ਉਨ੍ਹਾਂ ਨੂੰ ਛੱਡ ਨਹੀਂ ਰਹੀ ਹੈ, ਜਦਕਿ ਇਕ ਨਿਰਦੋਸ਼ ਸਿੱਖ ਦੇ ਫਰਜ਼ੀ ਮੁਕਾਬਲੇ ਦੇ ਕੇਸ ‘ਚ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਭੁਗਤ ਰਹੇ 4 ਲੋਕਾਂ ਨੂੰ ਰਾਜਪਾਲ ਦੇ ਹੁਕਮਾਂ ਨਾਲ ਰਿਹਾਅ ਕਰ ਦਿੱਤਾ ਗਿਆ। ਇਸ ਤੋਂ ਸਾਫ ਹੈ ਕਿ ਦੇਸ਼ ‘ਚ ਸਿੱਖਾਂ ਨੂੰ ਜਾਣਬੁਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਸ ਦੇ ਨਤੀਜੇ ਗੰਭੀਰ ਹੋਣਗੇ।
ਉਨ੍ਹਾਂ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਬਿੱਟੂ ਜੋ ਕਿ ਬੇਅਦਬੀ ਕੇਸ ‘ਚ ਕਥਿਤ ਮੁੱਖ ਦੋਸ਼ੀ ਸੀ, ਉਸ ਦੇ ਸਸਕਾਰ ਸਮੇਂ ਡੇਰਾ ਸਮਰਥਕਾਂ ਨੇ ਨਾਅਰੇ ਲਾਏ ਕਿ ‘ਬਿੱਟੂ ਤੇਰੀ ਸੋਚ ‘ਤੇ ਪਹਿਰਾ ਦਿਆਂਗੇ ਠੋਕ ਕੇ’, ਇਸ ਦਾ ਮਤਲਬ ਕਿ ਡੇਰਾ ਪ੍ਰੇਮੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਨੂੰ ਹੋਰ ਵਧਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਸਾਰੇ ਕੇਸ ‘ਚ ਗੰਭੀਰਤਾ ਨਾਲ ਐਕਸ਼ਨ ਲਵੇ। ਕੈਪਟਨ ਵਲੋਂ ਸਿਰਫ ਕੈਨੇਡਾ ਤੇ ਪਾਕਿਸਤਾਨ ਸਰਕਾਰ ਨੂੰ ਗਾਲ੍ਹਾਂ ਕੱਢਣ ਨਾਲ ਗੱਲ ਨਹੀਂ ਬਣੇਗੀ। ਪਹਿਲਾਂ ਆਪਣੀ ਪੀੜ੍ਹੀ ਹੇਠ ਸੋਠਾ ਫੇਰੋ ਕਿ ਅਸੀਂ ਖੁਦ ਕੀ ਕਰ ਰਹੇ ਹਾਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਜ਼ਾਰਾ ਸਿੰਘ, ਸੰਦੀਪ ਸਿੰਘ, ਗੁਰਮੀਤ ਸਿੰਘ, ਪ੍ਰਦੀਪ ਸਿੰਘ ਆਦਿ ਮੌਜੂਦ ਸਨ।