ਅਲਜੀਰੀਆ ‘ਚ ਮਨੁੱਖੀ ਤਸਕਰਾਂ ਦੀ ਕੈਦ ‘ਚੋਂ ਛੁਡਾਏ ਗਏ 93 ਬੱਚੇ

0
134

ਅਲਜੀਅਰਸ (ਵਾਰਤਾ)— ਅਲਜੀਰੀਆ ਵਿਚ ਅਧਿਕਾਰੀਆਂ ਨੇ ਮਨੁੱਖੀ ਤਸਕਰਾਂ ਦੀ ਕੈਦ ਵਿਚੋਂ ਵੱਖ-ਵੱਖ ਅਫਰੀਕੀ ਦੇਸ਼ਾਂ ਦੇ 93 ਬੱਚੇ ਮੁਕਤ ਕਰਵਾਏ ਹਨ। ਅਲਜੀਰੀਆ ਦੇ ਪੁਲਸ ਵਿਭਾਗ ਤੇ ਸੋਸ਼ਲ ਸਹਾਇਕ ਬਿਊਰੋ ਦੇ ਸੂਤਰਾਂ ਨੇ ਦੱਸਿਆ,”ਅਲਜੀਰੀਆ ਦੇ ਸੁਰੱਖਿਆ ਬਲਾਂ ਨੇ ਇਕ ਹਫਤੇ ਵਿਚ ਵੱਖ-ਵੱਖ ਅਫਰੀਕੀ ਦੇਸ਼ਾਂ ਦੇ 93 ਬੱਚਿਆਂ ਨੂੰ ਮੁਕਤ ਕਰਵਾਇਆ। ਇਨ੍ਹਾਂ ਵਿਚ ਨਾਈਜਰ ਦੇ 60 ਬੱਚੇ ਹਨ। ਇਨ੍ਹਾਂ ਬੱਚਿਆਂ ਤੋਂ ਅਲਜੀਅਰਸ ਵਿਚ ਭੀਖ ਮੰਗਣ ਦਾ ਕੰਮ ਕਰਵਾਇਆ ਜਾਂਦਾ ਸੀ।” ਸੂਤਰਾਂ ਨੇ ਦੱਸਿਆ ਕਿ ਪਹਿਲੀ ਮੁਹਿੰਮ 5 ਦਿਨ ਚਲਾਈ ਗਈ ਜਿਸ ਵਿਚ ਮਨੁੱਖੀ ਤਸਕਰਾਂ ਦੀ ਕੈਦ ਵਿਚੋਂ 39 ਬੱਚਿਆਂ ਨੂੰ ਛੁਡਵਾਇਆ ਗਿਆ। ਬੀਤੇ ਵੀਰਵਾਰ ਨੂੰ ਦੂਜੀ ਮੁਹਿੰਮ ਵਿਚ 54 ਬੱਚਿਆਂ ਨੂੰ ਮੁਕਤ ਕਰਵਾਇਆ ਗਿਆ। ਇਨ੍ਹਾਂ ਵਿਚੋਂ 28 ਬੱਚੇ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਨਹੀਂ ਸਨ। ਇਨ੍ਹਾਂ ਬੱਚਿਆਂ ਨੂੰ ਨਾਈਜਰ ਤੋਂ ਲਿਆਇਆ ਗਿਆ ਸੀ। ਮੁਕਤ ਕਰਵਾਏ ਗਏ ਇਨ੍ਹਾਂ ਬੱਚਿਆਂ ਨੂੰ ਉੱਪਰੀ ਅਲਜੀਅਰਸ ਵਿਚ ਸੋਸ਼ਲ ਸਹਾਇਕ ਦੇ ਯਤੀਮਖਾਨੇ ਵਿਚ ਰੱਖਿਆ ਗਿਆ ਹੈ ਅਤੇ ਸਾਰੇ ਬੱਚਿਆਂ ਦੀ ਸਰੀਰਕ ਅਤੇ ਮਾਨਸਿਕ ਹਾਲਤ ਬਿਹਤਰ ਹੈ। ਵਰਨਣਯੋਗ ਹੈ ਕਿ ਅਲਜੀਰੀਆ ਨੇ ਇਸ ਸਾਲ 7 ਹਜ਼ਾਰ ਬੱਚਿਆਂ ਸਮੇਤ 10 ਹਜ਼ਾਰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਨਾਈਜਰ ਨੂੰ ਸੌਂਪਿਆ ਹੈ।